Friday, 23 December 2011

ਇਲਾਜ ਤੇ ਫ੍ਰੀ ਦਵਾਈਆਂ ਦੇ ਓਹਲੇ ਵਿਚ ਨਿਮਾਣਿਆਂ ਦਾ ਹੋ ਰਿਹੈ ਸ਼ੋਸ਼ਣ






-ਜਿਹੜੀਆਂ ਰਿਪੋਰਟਾਂ ਮੈਂ ਇਨੀਂ ਦਿਨੀਂ ਇੰਟਰਨੈੱਟ ਉੱਤੇ ਜਾਂ ਹੋਰ ਜਾਗਰੂਕ ਅਖ਼ਬਾਰਾਂ ਵਿਚ ਪੜ੍ਹੀਆਂ ਹਨ, ਦਾ ਸਾਰ ਤੱਤ ਇਹ ਹੈ ਕਿ ਵਿਦੇਸ਼ਾਂ ਦੀਆਂ ਧਨਾਢ ਦਵਾਈ ਕੰਪਨੀਆਂ ਨੂੰ ਓਥੇ ਆਪਣੇ ਮੁਲਕਾਂ ਵਿਚ, ਆਪਣੀ ਬਣਾਈ ਦਵਾਈ ਦੇ ਚੰਗੇ-ਮਾੜੇ ਸਿੱਟੇ ਦਰਜ ਕਰਨ ਲਈ ਕੋਈ ਮਰੀਜ਼ ਨਹੀਂ ਲੱਭਦਾ ਜਾਂ ਜਿਹੜੇ ਮਰੀਜ਼ ਓਥੇ ਹਨ, ਇਹ ਕਿਸੇ ਨਵੀਂ ਦਵਾਈ ਨੂੰ ਆਪਣੇ ਆਪ ਉੱਪਰ ਅਜ਼ਮਾਉਣ ਦੀ ਮਨਜ਼ੂਰੀ ਨਹੀਂ ਦਿੰਦੇ ਜਿਸ ਕਾਰਨ 'ਉਨ੍ਹਾਂ' ਦਵਾਈ ਕੰਪਨੀਆਂ ਨੇ ਇਧਰ ਇੰਡੀਆ ਦਾ ਰੁਖ ਕਰ ਲਿਆ ਹੈ। 
ਮੈਂ ਜਦੋਂ ਪਹਿਲੀ ਵਾਰ ਇਹ ਰਿਪੋਰਟ ਪੜ੍ਹੀ ਤਾਂ ਮੈਨੂੰ ਗੱਲ ਸੱਚੀਂ ਨਹੀਂ ਲੱਗੀ...! ਫੇਰ ਜਦੋਂ ਆਪਣੇ ਵਾਕਫਾਂ, ਮੈਡੀਕਲ ਰੈੱਪਾਂ ਤੇ ਇਲਾਜ ਕਾਰੋਬਾਰ ਨਾਲ ਜੁੜੇ ਵੱਖ ਵੱਖ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਕੁਝ ਪਰਤਾਂ ਖੁੱਲ੍ਹ ਕੇ ਸਾਹਮਣੇ ਆਈਆਂ। ਇਕ ਤਾਂ ਇਹ ਗੱਲ ਪਤਾ ਲੱਗੀ ਕਿ ਦਵਾਈ ਕੰਪਨੀਆਂ ਆਪਣਾ ਸ਼ਿਕਾਰ ਲੱਭਣ ਲਈ 'ਮੁਫ਼ਤ ਨਵੀਂ ਦਵਾਈ' ਦਾ ਰੌਲਾ ਰੱਪਾ ਪਾ ਕੇ ਕੈਮਿਸਟਾਂ, ਮੈਡੀਕਲ ਰਿਪ੍ਰੈਜ਼ੈਨਟੇਟਿਵਾਂ ਤੇ ਟੁੱਟੇ ਭੱਜੇ ਡਾਕਟਰਾਂ ਨੂੰ ਨਾਲ ਗੰਢਦੀਆਂ ਹਨ। ਡਾਕਟਰ ਜਦੋਂ ਮਰੀਜ਼ ਨੂੰ ਦੱਸਦਾ ਹੈ ਕਿ ਇਹ ਦਵਾਈ ਮੁਫ਼ਤ ਹੈ ਤੇ ਭਰੋਸਯੋਗ ਹੈ ਤਾਂ ਸਾਡਾ ਮਰੀਜ਼, ਫੌਰੀ ਉਹ 'ਦਵਾਈ' ਸਵੀਕਾਰ ਕਰ ਕੇ ਖਾਣੀ ਸ਼ੁਰੂ ਕਰ ਦਿੰਦਾ ਹੈ। 
ਮੁਫ਼ਤ ਦਵਾਈ ਦੇਣ ਵਾਲਾ  ਇਸੇ ਸ਼ਰਤ ਉੱਤੇ ਹੀ ਦਵਾਈ ਦਿੰਦਾ ਹੈ ਕਿ ਤੂੰ ਸਾਨੂੰ ਇਸ ਦੇ ਨਤੀਜੇ ਜ਼ਰੂਰ ਦੱਸਣ ਆਈ। ਜੇ 'ਸਿਰ ਦੁਖੇ' ਤਾਂ ਜ਼ਰੂਰ ਦੱਸੀ। ਮਰੀਜ਼ ਨੂੰ ਦਵਾਈ ਖਾ ਕੇ ਜਿਵੇਂ ਜਿਵੇਂ ਮਹਿਸੂਸ ਹੁੰਦਾ ਹੈ, ਓਹ ਦੱਸ ਦਿੰਦਾ ਹੈ ਤੇ ਜੇ ਉਹ ਅਰਾਮ ਮਹਿਸੂਸ ਕਰਦਾ ਹੈ ਤਾਂ ਉਹਨੂੰ ਮੁਫਤ ਦਵਾਈ ਹੋਰ ਦੇ ਦਿੱਤੀ ਜਾਂਦੀ ਹੈ। ਜੇ ਨਹੀਂ ਮਹਿਸੂਸ ਕਰਦਾ ਤਾਂ ਕਿਸੇ ਹੋਰ ਕੰਪਨੀ ਦੀ ਮੁਫ਼ਤ ਦਵਾਈ ਉਸ ਨੁੰ ਖਾਣ ਲਈ ਦੇ ਦਿੱਤੀ ਜਾਂਦੀ ਹੈ। (ਇਹ ਵੀ ਪਤਾ ਲੱਗਾ ਹੈ ਕਿ ਕੁਝ ਲਾਲਚੀ ਤੱਤ, ਮੁਫਤ ਵਿਚ ਮਿਲੀ ਦਵਾਈ ਵੀ ਸਸਤੇ ਭਾਅ ਵੇਚ ਰਹੇ ਹਨ। ਜਿਵੇਂ 20 ਤੋਂ 40 ਰੁਪਏ ਲੈ ਕੇ ਮਰੀਜ਼ ਨੂੰ 6 ਡੰਗ ਦੀ ਦਵਾਈ ਦੇ ਰਹੇ ਹਨ।)
ਮੁਫਤ ਦਵਾਈ ਵੇਚਣ ਦਾ ਵਰਤਾਰਾ ਬਹੁਤਾ ਨਵਾਂ ਨਹੀਂ। ਸਾਡੇ ਵਿਚੋਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਕਿ ਪਿੱਛੇ ਜਿਹੇ ਕਿਡਨੀ ਸਕੈਂਡਲ ਦਾ ਜਦੋਂ ਖੁਲਾਸਾ ਹੋਇਆ ਸੀ ਤਾਂ ਇਹ ਘਾਲਾਮਾਲਾ ਸਾਹਮਣੇ ਆਇਆ ਸੀ ਕਿ ਡਾਕਟਰ, ਮਰੀਜ਼ ਨੂੰ ਟੀਕਾ ਲਾਉਣ ਦੇ ਬਹਾਨੇ ਜਾਂ ਹੋਰ ਕੋਈ ਗੱਲ ਕਹਿ ਕੇ ਓਹਲੇ ਵਿਚ ਲੈ ਜਾਂਦਾ ਸੀ ਤੇ ਮੁੜ ਕੇ ਬੇਹੋਸ਼ੀ ਦਾ ਟੀਕਾ ਲਾ ਕੇ ਕਿਡਨੀ ਕੱਢ ਲੈਂਦਾ ਸੀ। ਇਹ ਕਿਡਨੀ ਅੱਗੋਂ ਹੱਥੋਂ ਹੱਥ ਵਿਕ ਜਾਂਦੀ ਸੀ। ਜਿਸ ਦੀ  ਮਹਾਸ਼ਰਾਬੀਆਂ ਤੇ ਹੋਰ ਨਸ਼ਕੱੜਾਂ ਨੁੰ ਲੋੜ ਹੁੰਦੀ ਹੀ ਹੈ। ਨਸ਼ਕੱੜ ਨੂੰ ਆਪਣੀ ਕਿਡਨੀ ਕਢਾ ਕੇ ਕੋਈ ਹੋਰ ਕਿਡਨੀ ਟ੍ਰਾਂਸਪਲਾਂਟ ਕਰਾਉਣ ਦੀ ਲੋੜ ਹੁੰਦੀ ਹੈ। ਕਿਡਨੀ ਕਾਂਡ ਤਾਂ ਬਾਹਰ ਆ ਗਿਆ ਸੀ, ਹੋਰ ਕਿੰਨੇ ਘਾਲੇਮਾਲੇ ਦੱਬੇ ਗਏ ਹਨ, ਇਸ ਬਾਰੇ ਭਵਿੱਖ ਦੇ ਖੋਜੀ ਪੱਤਰਕਾਰ ਦੱਸ ਦੇਣਗੇ। ਜਾਂ ਜੂਲੀਅਨ ਅਸਾਂਜੇ ਤੋਂ ਸਾਨੂੰ ਵੱਡੀ ਆਸ ਹੈ। 
ਆਪਾਂ ਫੇਰ ਮੁੱਦੇ ਵੱਲ ਪਰਤਦੇ ਹਾਂ। ਇੰਡੀਆ ਵਿਚ ਕੁਝ ਕੇਸਾਂ ਵਿਚ ਤਾਂ ਦਵਾਈ ਦੇ ਰੀਐਕਸ਼ਨ ਕਾਰਨ ਮਰੀਜ਼ਾਂ ਦੀਆਂ ਮੌਤਾਂ ਵੀ ਹੋਈਆਂ ਨੇ। ਹੁਣ ਨਾ ਤਾਂ  ਦਵਾਈ ਕੰਪਨੀ ਮਰੀਜ਼ ਦੇ ਵਾਰਸਾਂ ਨੁੰ ਢੁਕਵਾਂ ਮੁਆਵਜ਼ਾ ਦਿੰਦੀ ਹੈ ਤੇ ਨਾ ਕੋਈ ਬਾਤ ਪੁੱਛਦੀ ਹੈ। ਇਸ ਤੋਂ ਇਲਾਵਾ ਜੇ ਕੰਪਨੀ ਦਾ ਮਾਲਕ, ਬੋਰਡ ਆਫ ਡਾਇਰੈਕਟਰ ਵਗੈਰਾ ਪੈਸਾ ਦੇਣਾ ਵੀ ਚਾਹੁੰਦੇ ਹੋਣ ਤਾਂ ਏਜੰਟ ਪੱਧਰ ਦੇ ਚਾਤਰ ਬੰਦੇ ਕਹਿ ਦਿੰਦੇ ਹਨ ਕਿ ਛੱਡੋ ਜੀ ਕੀ ਮੁਆਵਜ਼ਾ ਦੇਣਾ, ਆਪੇ ਚਾਰ ਦਿਨ ਅਖਬਾਰਾਂ, ਵੈੱਬਸਾਈਟਾਂ, ਬਲੌਗਾਂ ਤੇ ਨਿਊਜ਼ ਚੈਨਲਾਂ 'ਤੇ ਰੌਲਾ ਪੈ ਜਾਵੇਗਾ ਮੁੜ ਕੇ ਗੱਲ ਠੰਢੀ ਹੋ ਗਈ ਤਾਂ ਕੀਹਨੇ ਪੁੱਛਣਾ? ਏਜੰਟ ਤੇ ਹੋਰ ਟੁੱਕੜਬੋਚ ਅਨਸਰ ਜਿਹੜੇ ਮਾੜੀ ਮੋਟੀ ਤਨਖਾਹ ਜਾਂ ਕਮਿਸ਼ਨ ਦਾ ਲਾਲੀਪੌਪ ਦਿਖਾ ਕੇ ਕੰਪਨੀਆਂ ਨੇ ਨਾਲ ਜੋੜੇ ਹੁੰਦੇ ਹਨ, ਓਹੀ ਬੰਦੇ, ਮੁਆਵਜ਼ਾ ਨਹੀਂ ਮਿਲਣ ਦਿੰਦੇ। ਨਿੱਜੀ ਤੌਰ 'ਤੇ ਮੇਰਾ ਇਹ ਵਿਚਾਰ ਹੈ ਕਿ ਕਿਸੇ ਵੀ ਗਰੀਬ ਵਿਅਕਤੀ ਦੀ ਮੌਤ ਮਗਰੋਂ 'ਮੁਆਵਜ਼ਾ' ਦੇ ਦੇਣਾ ਵੀ ਕੋਈ ਵੱਡਾ ਇਖਲਾਕ ਨਹੀਂ। ਮੁਆਵਜ਼ਾ ਕਿਸੇ ਪਰਵਾਰ ਦਾ ਬੰਦਾ ਤਾਂ ਨਹੀਂ ਜੀਉਂਦਾ ਕਰ ਸਕਦਾ!
ਮੈਡੀਕਲ ਫੀਲਡ ਦੇ ਦਲਾਲ ਲੋਕ ਮੈਡੀਕਲ ਰੈੱਪਾਂ ਕੋਲੋਂ ਕਮਿਸ਼ਨ ਲੈ ਕੇ ਮਾੜੀ ਦਵਾਈ ਵੀ ਮਰੀਜ਼ ਨੂੰ ਦੇ ਦਿੰਦੇ ਹਨ। ਮੁਫਤ ਦਵਾਈ ਲੈ ਕੇ ਅੱਗੇ ਸਸਤੇ ਭਾਅ ਵੇਚ ਦਿੰਦੇ ਹਨ। ਬਾਹਰਲੇ ਮੁਲਕਾਂ ਦੇ ਗੋਰੇ, ਅਰਬ ਦੇਸ਼ਾਂ ਦੇ ਅਰਬੀ ਲੋਕ ਇੰਨੇ ਜਾਗਰੂਕ ਹਨ ਕਿ ਮੁਫਤ ਦਵਾਈ ਵਾਲੇ ਨੂੰ ਓਦਾਂ ਈ ਨਾਂਹ ਕਹਿ ਦਿੰਦੇ ਹਨ। ਭਾਰਤ ਵਿਚ ਪੇਂਡੂ ਤੇ ਪਹਾੜੀ ਏਰੀਏ ਦੇ ਭੋਲੇ ਭਾਲੇ ਮਰੀਜ਼, ਹਾਲੇ ਕੰਪਨੀਆਂ ਦੀ ਚਾਲ ਨਹੀਂ ਸਮਝਦੇ ਕਿ ਇਹ ਬੰਦਾ ਕਿਓ ਸਾਨੂੰ ਮੁਫਤ ਦਵਾਈ ਦੇ ਰਿਹਾ ਹੈ..!!! ਦਵਾਈਆਂ ਦੀ ਪਰਖ ਦੇ ਮਾਮਲੇ ਵਿਚ ਭਾਰਤ ਇਕ ਸ਼ਿਕਾਰਗਾਹ ਬਣਦਾ ਜਾ ਰਿਹਾ ਹੈ। ਸਾਨੁੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਲੇਖ ਲਿਖ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰੀਏ। ਖ਼ਾਸਕਰ ਸਮਾਜ ਸੇਵਕਾਂ ਨੂੰ ਅਰਜ਼ ਹੈ ਕਿ ਉਹ ਇਸ ਵਰਤਾਰੇ ਨੂੰ ਨੰਗਾ ਕਰਨ। ਬਾਕੀ ਫੇਰ ਕਦੇ...

No comments:

Post a Comment