ਕਿੱਥੇ ਗੁਆਚ ਗਏ ਸਿਆਣੇ ਪੱਤਰਕਾਰ...
- ਅੱਜ ਜੇ ਕਿਸੇ ਵੀ ਯੂਨੀਵਰਸਿਟੀ ਦੇ ਰੀਜ਼ਨਲ ਕੰਪਲੈਕਸ ਵਿਚ ਜਾਈਏ ਜਾਂ ਕਿਸੇ ਕਾਲਜ ਵਿਚ ਵੇਖੀਏ ਤਾਂ ਬਾਗਾਂ ਵਿਚ ਨੌਜਵਾਨ ਗਭਰੂ ਤੇ ਮੁਟਿਆਰਾਂ ਚਹਿਕਦੇ ਹੋਏ ਦਿਸਣਗੇ। ਟਿੱਕੀਆਂ, ਨੂਡਲ (ਜਿਨ੍ਹਾਂ ਨੂੰ ਇਹ ਵਰਗ ਨਿਊਡਲ ਆਖਦਾ ਹੈ) ਜੀਨ ਦੀਆਂ ਪੈਂਟਾਂ, ਟਰਾਊਜ਼ਰਾਂ, ਫੈਸ਼ਨ ਬਾਰੇ ਗੱਲਾਂ। ਲੇਡੀ ਗਾਗਾ, ਬਰਿਟਨੀ ਸਪੀਅਰਜ਼ ਦੇ ਭੱਦੇ ਲਿਬਾਜ਼ ਬਾਰੇ ਚਰਚਾ ਚੱਲਦੀ ਕੰਨੀਂ ਪੈ ਸਕਦੀ ਹੈ। ਹਿੰਦੀ ਫਿਲਮਾਂ ਦੇ ਕਲਾਕਾਰਾਂ ਬਾਰੇ ਬਹਿਸਾਂ ਸੁÎਣ ਸਕਦੇ ਹਾਂ। ਇਨ੍ਹਾਂ ਵਿਚੋਂ ਕੁਝ ਗਭਰੇਟ, ਮਾਸ ਜਰਨਲਿਜ਼ਮ ਡਿਪਲੋਮੇ ਤੇ ਡਿਗਰੀਆਂ ਕਰਦੇ ਹੁੰਦੇ ਹਨ। ਗਭਰੂ, ਮੁਟਿਆਰਾਂ ਬਾਰੇ ਕਹਿੰਦੇ ਹਨ ਕਿ ਇਹ ਕੁੜੀਆਂ ਤਾਂ (ਜੇ ਪਾਸ ਹੋ ਗਈਆਂ ਤਾਂ) ਡਿਗਰੀ ਦਾਜ ਵਿਚ ਲੈ ਜਾਣਗੀਆਂ। ਮੁਟਿਆਰਾਂ ਆਖਦੀਆਂ ਹਨ ਕਿ ਮੁੰਡੇ, ਕਿਸੇ ਨਿੱਜੀ ਕੰਪਨੀ ਵਿਚ ਪੀ ਆਰ ਓ ਬਣਨ ਲਈ ਜਾਂ ਕਿਸੇ ਸਰਕਾਰੀ ਹਸਪਤਾਲ ਜਾਂ ਕਿਤੇ ਹੋਰ 'ਫਿਟ' ਹੋਣ ਲਈ ਡਿਗਰੀਆਂ ਕਰ ਰਹੇ ਹਨ, ਇਨ੍ਹਾਂ ਨੇ ਕਿਹੜਾ ਪੱਤਰਕਾਰੀ ਦੀ ਸੇਵਾ ਕਰਨੀ ਹੈ!
ਪਰ ਜੇ ਥੋੜ੍ਹਾ ਜਿਹਾ ਵੀਚਾਰ ਕਰੀਏ ਤਾਂ ਸੁੱਤੇ ਸਿੱਧ ਸਪਸ਼ਟ ਹੈ ਕਿ ਮੁੰਡੇ, ਕੁੜੀਆਂ ਬਾਰੇ ਤੇ... ਕੁੜੀਆਂ, ਮੁੰਡਿਆਂ ਬਾਰੇ ਜੋ ਕਹਿੰਦੀਆਂ ਹਨ... ਦੋਵੇਂ ਗਰੁੱਪ ਸਹੀ ਹਨ। ਇਨ੍ਹਾਂ ਵਿਚੋਂ ਟਾਵਾਂ ਟੱਲਾ ਹੀ ਉਭਰੇਗਾ... ਜਿਹਨੇ ਪੱਤਰਕਾਰੀ ਕਰਨੀ ਹੈ ਜਾਂ ਪੱਤਰਕਾਰੀ ਵਿਚ ਨਾਮਣਾ ਖੱਟਣਾ ਹੈ ਬਾਕੀ ਤਾਂ ਸਾਰੇ ਟਾਈਮਪਾਸ ਹੀ ਹਨ।
ਭਾਰਤ ਦੀ ਅਜ਼ਾਦੀ ਦੌਰਾਨ ਅੰਗਰੇਜ਼ਾਂ ਨੂੰ ਨਠਾਉਣ ਵਿਚ ਅੰਤਰਰਾਸ਼ਟਰੀ ਸਥਿਤੀਆਂ ਦਾ ਦਬਾਅ ਸੀ। ਹਿਟਲਰ ਦੀਆਂ ਫੌਜਾਂ ਚੜ੍ਹ ਚੁੱਕੀਆਂ ਸਨ ਤੇ ਯੂਰਪ ਦੀਆਂ ਸਥਿਤੀਆਂ ਅਜਿਹੀਆਂ ਸਨ ਕਿ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ ਪਰ ਭਾਰਤ ਵਿਚ ਵੀ ਅੰਗਰੇਜ਼ਾਂ ਦਾ ਵਿਰੋਧ ਥੋੜ੍ਹਾ ਨਹੀਂ ਸੀ। ਭਾਰਤ ਵਿਚ ਜੇ ਸੁਹਿਰਦ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਵਧੀਆ ਤੇ ਸਿਆਣੇ ਸੰਪਾਦਕਾਂ (ਐਡੀਟਰਾਂ) ਤੇ ਪੱਤਰਕਾਰਾਂ ਦਾ ਵਰਗ ਸੀ ਜੋ ਕਿ ਆਪਣੀਆਂ ਅਖ਼ਬਾਰਾਂ ਵਿਚ ਰਿਪੋਰਟਾਂ ਛਾਪਦਾ ਸੀ। ਉਦੋਂ ਦੀ ਸਰਕਾਰ ਵੀ ਅਖ਼ਬਾਰਾਂ ਦੇ ਜਨਤਕ ਅਸਰ ਤੋਂ ਡਰਿਆ ਕਰਦੀ ਸੀ। ਅੱਜਕਲ੍ਹ ਚੋਣਾਂ ਦੇ ਸੀਜ਼ਨ ਵਿਚ ਕਮਰਸ਼ੀਅਲ ਅਖ਼ਬਾਰਾਂ ਦੇ ਪੱਤਰ ਪ੍ਰੇਰਕ ਖ਼ਾਸਕਰ ਜਿਹੜੇ ਫੀਲਡ ਵਿਚ ਹਨ, ਉਹ ਟਿਕਟ ਲੈ ਚੁੱਕੇ ਲੀਡਰਾਂ ਦੇ ਨਾਲ ਤੁਰੇ ਫਿਰਦੇ ਦਿਸਣਗੇ। ਫੀਲਡ ਦੇ ਅੱਧੇ ਨਾਲੋਂ ਵੱਧ ਪੱਤਰਕਾਰ ਕਈ ਵਾਰ ਲੀਡਰ ਦੇ ਲੈਪਟੌਪ ਕੰਪਿਊਟਰ ਤੋਂ ਹੀ ਖ਼ਬਰਾਂ ਕੰਪੋਜ਼ ਕਰਕੇ, ਈਮੇਲ ਕਰਦੇ ਨਜ਼ਰੀਂ ਪੈਂਦੇ ਹਨ। ਇਹ ਪੱਤਰ ਪ੍ਰੇਰਕ ਕਈ ਵਾਰ ਲੀਡਰ ਨਾਲ ਚੋਣਾਂ ਵਿਚ ਖ਼ਬਰਾਂ ਜ਼ਰੀਏ ਪ੍ਰਚਾਰ ਕਰਨ ਦਾ ਠੇਕਾ ਵੀ ਕਰਦੇ ਹਨ। ਇਹ ਠੇਕਾ, ਕਈ ਵਾਰ, ਲੱਖਾਂ ਵਿਚ ਤੇ ਕਈ ਵਾਰ ਹਜ਼ਾਰਾਂ ਰੁਪਿਆਂ ਵਿਚ ਹੁੰਦਾ ਹੈ। ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਗੱਪਾਂ ਵਾਲੀਆਂ ਖ਼ਬਰਾਂ (ਪੇਡ ਨਿਊਜ਼) ਛਪਣ ਲੱਗ ਪੈਂਦੀਆਂ ਹਨ। ਫਲਾਣੇ ਦਲ ਨੂੰ ਝਟਕਾ, ਪੱਪੂ ਸੈਂਕੜੇ ਸਾਥੀਆਂ ਸਣੇ ਫਲਾਣੀ ਪਾਰਟੀ ਵਿਚ ਸ਼ਾਮਲ। ਫਲਾਣੀ ਪਾਰਟੀ ਨੂੰ ਧੱਕਾ, ਕਾਕੂ ਸੈਂਕੜੇ ਵਰਕਰਾਂ ਦੇ ਨਾਲ ਫਲਾਣੀ ਪਾਰਟੀ ਵਿਚ ਸ਼ਾਮਲ। ਫਲਾਣੀ ਪਾਰਟੀ ਨੂੰ ਧੱਕਾ, ਡੱਡੀ ਫਲਾਣੀ ਪਾਰਟੀ ਛੱਡ ਕੇ ਹਜ਼ਾਰਾਂ ਸਾਥੀਆਂ ਦੇ ਨਾਲ ਫਲਾਣੀ ਪਾਰਟੀ ਵਿਚ ਸ਼ਾਮਲ। ਪਤਾ ਈ ਨਹੀਂ ਲੱਗਦਾ ਕਿ ਲੀਡਰ ਹੈ ਕਿ ਟੁੱਟਾ ਭੱਜਾ ਗੀਤਕਾਰ। ਅਖੌਤੀ ਲੀਡਰਾਂ ਦੀਆਂ ਖਬਰਾਂ ਨਾਲ ਭਰੇ ਪਏ ਕਮਰਸ਼ੀਅਲ ਅਖਬਾਰ। ਪਰ ਗੱਲ ਇਹ ਹੈ ਕਿ ਕਿਸੇ ਵੇਲੇ ਜਰਨਲਿਸਟ ਜਾਂ ਪੱਤਰਕਾਰ ਦਾ ਸਮਾਜ ਵਿਚ ਇਕ ਦਬਦਬਾ, ਇਕ ਸਤਿਕਾਰ ਤੇ ਇਕ ਵੱਖਰੀ ਇੱਜ਼ਤ ਹੋਇਆ ਕਰਦੀ ਸੀ। ਅੱਜ ਵਾਂਗ ਨਹੀਂ ਕਿ ਇਸ਼ਤਿਹਾਰ ਦਿਉ ਤੇ ਜੋ ਮਰਜ਼ੀ ਛਪਿਆ ਵੇਖ ਲਓ।
ਪਰ ਅਸਲ ਵਿਚ ਇਕੱਲੇ ਪੱਤਰਕਾਰ ਵੀ ਜਿੰਮੇਵਾਰ ਨਹੀਂ ਹਨ। ਉਹ ਜਦੋਂ ਸਮਾਜ ਦੀ ਖ਼ਬਰ ਫੈਕਸ ਕਰਦੇ ਹਨ ਤਾਂ ਆਪਣੇ ਖਰਚੇ ਨਾਲ। ਸਪਲੀਮੈਂਟ ਲੈਣ ਤੋਂ ਪਹਿਲੋਂ ਅਨੇਕਾਂ ਵਾਰ ਸਮਾਜ ਦੀਆਂ ਖ਼ਬਰਾਂ ਲਿਖ ਕੇ ਛਪਾਉਂਦੇ ਹਨ। ਕਈ ਵਾਰ ਅਨੇਕਾਂ ਵਾਰ ਖ਼ਬਰਾਂ ਲਵਾ ਚੁੱਕਾ ਅਖੌਤੀ ਲੀਡਰ ਇਸ਼ਤਿਹਾਰ ਲਈ ਪੈਸੇ ਦੇਣ ਤੋਂ ਇਕ ਦੋ ਦਿਨ ਪਹਿਲਾਂ, ਸਬੰਧਤ ਪੱਤਰਕਾਰ ਦਾ ਫੋਨ ਚੁੱਕਣਾ ਬੰਦ ਕਰ ਦਿੰਦਾ ਹੈ। ਲੀਡਰਾਂ ਨੂੰ ਪੁੱਛੋਂ ਤਾਂ ਕਹਿਣਗੇ ਕਿ ਪੱਤਰਕਾਰੋ ਤੁਸੀਂ ਸਾਡੀ ਖ਼ਬਰ ਛਾਪੀ ਸੀ ਤਾਂ ਇਹ ਤੁਹਾਡੀ ਨਿੱਜੀ ਜ਼ਰੂਰਤ ਸੀ। ਜਦਕਿ ਅਸਲੀਅਤ ਇਹ ਹੈ ਕਿ 100 ਵਿਚੋਂ 98 ਲੀਡਰਾਂ ਨੇ ਸਮਾਜ ਉੱਤੇ ਆਪਣੇ ਆਪ ਨੂੰ ਥੋਪਿਆ ਹੋਇਆ ਹੈ। 100 ਵਿਚੋਂ ਸਿਰਫ 2 ਲੀਡਰ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਲੋੜ, ਪਬਲਿਕ ਸਮਝਦੀ ਹੈ। ਨਹੀਂ ਤਾਂ 100 ਵਿਚੋਂ 98 ਪੱਤਰਕਾਰ ਸਿਰਫ ਖ਼ਬਰਾਂ ਜਾਂ ਫੋਟੋਆਂ ਛਪਣ ਦੇ ਆਸਰੇ ਦਿਨਕਟੀ ਕਰਦੇ ਹਨ। 4 ਦਿਨ ਖ਼ਬਰਾਂ ਤੇ ਫੋਟੋਆਂ ਛਪਣੀਆਂ ਬੰਦ ਹੋ ਜਾਣ ਤਾਂ ਇਹ ਲੋਕ ਲੋਕਾਂ ਵਲੋਂ ਭੁਲਾਅ ਦਿੱਤੇ ਜਾਣਗੇ। ਇਹ ਜਾਅਲੀ ਲੀਡਰ ਵੀ ਪੱਤਰਕਾਰਾਂ ਦਾ ਜ਼ਮੀਰ ਮਾਰਨ ਵਿਚ ਅਹਿਮ ਰੋਲ ਨਿਭਾਉਂਦੇ ਹਨ।
ਪੱਤਰਕਾਰ ਉਹ ਹੈ ਜੋ ਕਿ 'ਪੱਤਰ' ਲਿਖ ਕੇ ਆਮ ਲੋਕਾਂ ਦੀ ਗੱਲ, ਰਾਜ ਕਰ ਰਹੀ ਪਾਰਟੀ ਤੇ ਸਰਕਾਰ ਤਾਈਂ ਪਹੁੰਚਾਏ। 'ਪੱਤਰ' ਲਿਖਣ ਨੂੰ ਹੀ ਪੱਤਰਕਾਰੀ ਆਖਦੇ ਹਨ। ਇਕ ਸਿਆਣਾ ਪੱਤਰਕਾਰ ਇੰਨਾ ਟਲੈਨਟਿਡ ਹੁੰਦਾ ਹੈ ਕਿ ਕਿਸੇ ਵੀ ਵੇਲੇ ਖ਼ਬਰਾਂ ਦੇ ਡੈਸਕ 'ਤੇ ਕੰਮ ਕਰਨਾ ਪਵੇ ਤਾਂ ਕਰ ਸਕਦਾ ਹੁੰਦਾ ਹੈ। ਇਕ ਸਿਆਣਾ ਪੱਤਰਕਾਰ ਚਾਹੇ ਤਾਂ ਇੰਟਰਨੈੱਟ 'ਤੇ ਆਪਣਾ ਬਲੌਗ ਲਿਖ ਕੇ ਹੀ ਲੋਕਾਂ ਵਿਚ ਪਛਾਣ ਸਿਰਜ ਸਕਦਾ ਹੁੰਦਾ ਹੈ। ਜਾਂ ਕੋਈ ਮਹੀਨਾਵਾਰ ਜਾਂ ਵੀਕਲੀ ਅਖ਼ਬਾਰ ਛਾਪ ਸਕਦਾ ਹੈ। ਜੇ ਕਿਸੇ ਵਿਅਕਤੀ ਨੂੰ ਸੱਚਮੁੱਚ ਹੀ ਪੱਤਰਕਾਰੀ ਆਉਂਦੀ ਹੋਵੇ ਤਾਂ ਉਹ ਆਪਣੀਆਂ ਲਿਖਤਾਂ ਦੇ ਨਾਲ ਇਕ ਵੱਡੀ ਲੋਕ-ਲਹਿਰ ਖੜ੍ਹੀ ਕਰ ਸਕਦਾ ਹੁੰਦਾ ਹੈ। ਸਾਡੇ ਪੰਜਾਬ ਦੇ ਕਈ ਮਸ਼ਹੂਰ ਆਗੂ ਪਹਿਲਾਂ ਪੱਤਰਕਾਰ ਰਹੇ ਹਨ। ਦੂਰ ਕੀ ਜਾਣਾ ਅੱਜ ਦੇ ਕੇਂਦਰੀ ਮੰਤਰੀ ਰਜੀਵ ਸ਼ੁਕਲਾ ਕਈ ਸਾਲ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਰਹੇ ਹਨ। ਅਟਲ ਬਿਹਾਰੀ ਵਾਜਪਾਈ ਪੱਤਰਕਾਰ ਹੁੰਦੇ ਸਨ। ਲਾਲ ਕਿਸ਼ਨ ਅਡਵਾਨੀ ਕਿਸੇ ਅਖ਼ਬਾਰ ਲਈ ਕਾਰਟੂਨਿਸਟ ਤੇ ਪੱਤਰਕਾਰ ਰਹੇ ਹਨ। ਬਾਲ ਠਾਕਰੇ ਨੇ ਕਾਰਟੂਨਿਸਟ ਦੇ ਤੌਰ 'ਤੇ ਵਾਹਵਾ ਵਾਹੋ ਵਾਹੀ ਖੱਟੀ ਹੋਈ ਹੈ।
ਪੱਤਰਕਾਰ ਉਹ ਵਿਅਕਤੀ ਹੁੰਦਾ ਹੈ ਜਿਹੜਾ 'ਚੇਤੰਨ' ਹੋਵੇ। ਚੇਤੰਨ ਵਿਅਕਤੀ ਹੀ ਇਨਲਾਇਟਿਡ ਅਖਵਾਉਂਦਾ ਹੈ। ਹਜ਼ਾਰਾਂ ਅਜਿਹੀਆਂ ਮਿਸਾਲਾਂ ਹਨ ਕਿ ਪੱਤਰਕਾਰਾਂ ਨੇ ਆਪਣੀਆਂ ਖ਼ਬਰਾਂ ਤੇ ਲਿਖਤਾਂ ਦੇ ਨਾਲ ਲੋਕਾਂ ਵਿਚ ਹੀਰੋ ਦਾ ਅਕਸ ਬਣਾ ਲਿਆ ਤੇ ਲੋਕਾਂ ਨੇ ਉਸ ਨੂੰ ਚੋਣਾਂ ਵਿਚ ਖੜ੍ਹਾ ਕਰਕੇ ਜਿਤਾਅ ਵੀ ਦਿੱਤਾ। ਪੱਤਰਕਾਰ ਤੇ ਰਾਜਭਾਗ ਦਾ ਇਕ ਅਤੁੱਟ ਰਿਸ਼ਤਾ ਹੁੰਦਾ ਹੈ। ਸਿਆਣਾ ਪੱਤਰਕਾਰ, ਸਮਾਜ ਦੇ ਲਈ ਇਕ ਵਰਦਾਨ ਤੋਂ ਘੱਟ ਨਹੀਂ ਹੁੰਦਾ। ਪਰ ਜਾਪਦਾ ਹੈ ਕਿ ਸਿਆਣੇ ਪੱਤਰਕਾਰ ਕਿਤੇ ਗੁਆਚ ਗਏ ਹਨ ਜਾਂ ਉਨ੍ਹਾਂ ਨੇ ਲੇਖਕ ਬਣ ਕੇ ਵਿਚਰਣ ਦਾ ਫੈਸਲਾ ਲੈ ਲਿਆ ਹੈ। ਜਾਂ ਉਹ ਹੁਣ ਘੱਟ ਹੀ ਜੰਮ ਰਹੇ ਹਨ!!!
ਹੁੰਗਾਰੇ ਦੀ ਉਡੀਕ ਵਿਚ
-ਯਾਦਵਿੰਦਰ
* * * * * *
ਸੁਮੇਧ ਸਿੰਘ 'ਤੇ ਲੱਗੇ ਦੋਸ਼, ਲੋਕ ਪੱਖੀ ਪੱਤਰਕਾਰੀ
ਤੇ ਅਖੌਤੀ ਕਾਮਰੇਡ!
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ, ਵਿਜੀਲੈਂਸ ਬਿਊਰੋ ਦੇ ਸਕੱਤਰ ਤੇ ਵਿਜੀਲੈਂਸ ਮੁਖੀ ਸੁਮੇਧ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ।
ਹਾਈ ਕੋਰਟ ਦੇ ਵਕੀਲ ਐਚ ਸੀ ਅਰੋੜਾ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਪੁਲਸ ਤੇ ਵਿਜੀਲੈਂਸ ਬਿਊਰੋ ਦੇ ਅਹਿਮ ਅਹੁਦਿਆਂ 'ਤੇ ਨਿਯੁਕਤੀ ਤੋਂ ਪਹਿਲਾਂ ਸਰਬ ਉਚ ਅਦਾਲਤ ਵਲੋਂ 22 ਸਤੰਬਰ 2006 ਨੂੰ ਵਿਨੀਤ ਨਰਾਇਣ ਬਨਾਮ ਕੇਂਦਰ ਸਰਕਾਰ ਦੇ ਕੇਸ ਵੀ ਤੈਅ ਕੀਤੇ ਗਏ ਨਿਰਦੇਸ਼ਾਂ ਦੇ ਅਧਾਰ 'ਤੇ ਨਿਯੁਕਤੀ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਮੌਜੂਦਾ ਏ ਡੀ ਜੀ ਪੀ ਸੁਮੇਧ ਸੈਣੀ ਦਾ ਵਿਜੀਲੈਂਸ ਬਿਊਰੋ ਦਾ ਮੁੱਖ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦੌਰਾਨ ਸਰਕਾਰ ਨੇ ਸਰਬ ਉਚ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਸੁਮੇਧ 'ਤੇ ਕਈ ਅਪਰਾਧਕ ਮਾਮਲੇ ਹਨ ਤੇ ਉਸ 'ਤੇ ਦੋਸ਼ ਤੈਅ ਵੀ ਹੋ ਚੁੱਕੇ ਹਨ। ਵਿਜੀਲੈਂਸ ਬਿਊਰੋ ਪੰਜਾਬ ਦਾ ਮੁੱਖ ਡਾਇਰੈਕਟਰ, ਪੰਜਾਬ ਪੁਲਸ ਐਕਟ ਤਹਿਤ ਨਹੀਂ ਆਉਂਦਾ। ਇਹ ਤੈਅ ਹੈ ਕਿ ਇਸ ਅਹੁਦੇ 'ਤੇ ਨਿਯੁਕਤੀ ਦੇ ਪੈਮਾਨੇ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮੁੱਖ ਨਿਰਦੇਸ਼ਕ ਵਿਜੀਲੈਂਸ, ਬਿਊਰੋ ਦੇ ਅਹੁਦੇ ਦੀ ਨਿਯੁਕਤੀ ਦੌਰਾਨ ਯੋਗਤਾ ਤੇ ਅਯੋਗਤਾ ਦਾ ਪੈਮਾਨਾ ਬਣ ਸਕੇ ਤੇ ਸਰਬਉਚ ਅਦਾਲਤ ਦੇ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇ। ਤਾਂ ਜੋ ਅਜਿਹੇ ਅਹੁਦੇ 'ਤੇ ਇਹੋ ਜਿਹੇ ਅਧਿਕਾਰੀ ਦੀ ਨਿਯੁਕਤੀ ਨਾ ਹੋਵੇ ਜਿਹਦੇ ਆਪਣੇ 'ਤੇ ਦੋਸ਼ ਤੈਅ ਹੋ ਚੁੱਕੇ ਹੋਣ। ਵਿਜੀਲੈਂਸ ਬਿਊਰੋ ਦੇ ਅਫਸਰ ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਤਹਿਤ ਮਾਮਲਿਆਂ ਦੀ ਜਾਂਚ ਕਰਦੇ ਹਨ ਲਿਹਾਜਾ ਇਸ ਦੇ ਅਧਿਕਾਰੀ ਦਾ 'ਅਕਸ ਉੱਜਲਾ' ਹੋਣਾ ਚਾਹੀਦਾ ਹੈ। ਚੀਫ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਸੂਰੀਆਕਾਂਤ ਦੇ ਬੈਂਚ ਨੇ ਸਾਰੀਆਂ ਧਿਰਾਂ ਨੂੰ ਨੋਟਿਸ ਕੱਢ ਕੇ ਜਵਾਬ ਮੰਗਿਆ ਹੈ।
ਦੱਸਣਯੋਗ ਹੈ ਕਿ ਸੁਮੇਧ ਸੈਣੀ ਉੱਤੇ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸੌਣ ਦੇ ਸੰਗੀਨ ਦੋਸ਼ ਲੱਗਦੇ ਰਹੇ ਹਨ। ਪੰਜਾਬ ਦੇ ਫੇਲ੍ਹ ਕਾਮਰੇਡ ਤੇ ਫੇਲ੍ਹ ਕਮਿਊਨਿਸਟ ਅਖ਼ਬਾਰਾਂ ਤੋਂ ਛੁੱਟ, ਕਾਮਰੇਡਨੁਮਾ ਅਖੌਤੀ ਬੁੱਧੀਜੀਵੀ ਵੀ ਪੁਲਸ ਦੇ ਅਫਸਰਾਂ ਨੂੰ ਵਡਿਆਉਂਦੇ ਰਹੇ ਹਨ। ਇਸੇ ਕਰਕੇ ਟੁੱਟੇ ਭੱਜੇ ਕਾਮਰੇਡ ਜੋ ਕਦੇ ਸਾਈਕਲਾਂ ਉਤੇ ਪੈਡਲ ਮਾਰਦੇ ਨਜ਼ਰੀਂ ਪੈਂਦੇ ਸੀ, ਉਨ੍ਹਾਂ ਕੋਲ ਸਰਕਾਰੀ ਜਿਪਸੀਆਂ ਵੀ ਆ ਗਈਆਂ ਤੇ ਬੌਡੀਗਾਰਡ ਮਿਲ ਗਏ, ਥਾਣਿਆਂ ਵਿਚੋਂ ਬੰਦੇ ਛੁਡਾਉਣ ਤੇ ਹਿਰਾਸਤਾਂ ਪੁਆਉਣ ਲੱਗ ਪਏ। ਸੁਮੇਧ ਸੈਣੀ ਨੂੰ ਲੈ ਕੇ ਪੰਜਾਬ ਦੇ ਇਨਕਲਾਬੀ ਤੇ ਦੇਸ਼ ਭਗਤ ਪੱਤਰਕਾਰੀ ਹਲਕਿਆਂ ਵਿਚ ਤਰ੍ਹਾਂ ਤਰ੍ਹਾਂ ਦੀ ਚਰਚਾ ਹੁੰਦੀ ਆਈ ਹੈ ਤੇ ਜੇ ਕੋਈ 'ਟੋਲਾ' ਪੁਲਸ ਅਫਸਰਾਂ ਨੂੰ ਵਡਿਆ ਰਿਹਾ ਹੈ ਤਾਂ ਉਹ ਹੈ, ਫੇਲ੍ਹ ਤੇ ਅਖੌਤੀ ਕਾਮਰੇਡ ਦਾ ਟੋਲਾ, ਜੋ ਹਰੇਕ ਇਨਕਲਾਬੀ ਨੂੰ ਜਾਂ ਤਾਂ ਮਾਓਵਾਦੀ ਕਹਿਣ ਲੱਗ ਪੈਂਦੇ ਹਨ ਤੇ ਜਾਂ ਫੇਰ ਅਤੰਕੀ। ਕੁਝ ਵੀ ਹੈ ਪੰਜਾਬ ਦੇ ਪੁਲਸ ਵਾਲੇ ਖੁਦ ਵੀ ਦੁੱਧ ਦੇ ਧੋਤੇ ਨਹੀਂ ਹਨ। ਅੱਜ ਵੀ ਜੇ ਥਾਣਿਆਂ ਵਿਚ ਜਾਓ ਤਾਂ ਮਾਮੂਲੀ ਜਿਹਾ ਏ ਐਸ ਆਈ ਹੀ ਵੱਡੇ ਵੱਡੇ ਬੁੱਧੀਜੀਵੀ ਨੂੰ 'ਤੂੰ' ਕਹਿ ਕੇ ਸੰਬੋਧਨ ਕਰਦਾ ਹੈ। ਉਸ ਤੋਂ ਉੱਪਰਲੇ ਕੀ ਕਹਿੰਦੇ ਹੋਣਗੇ, ਬਹੁਤਾ ਸੋਚਣ ਦੀ ਲੋੜ ਨਹੀਂ ਹੈ।
- ਯਾਦਵਿੰਦਰ
ਸੰਚਾਲਕ- ਵਾਹਿਦ ਨਿਊਜ਼ ਮੀਡੀਆ ਇੰਕ.
94653 29617
No comments:
Post a Comment